ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਅੰਦਰ ਬੱਚਿਆਂ ਅਤੇ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਹਰ ਉਪਰਾਲਾ ਕਰ ਰਹੀ ਹੈ। ਸੂਬੇ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਨਿਰੰਤਰ ਫ਼ੰਡ ਦੇਣ ਤੋਂ ਇਲਾਵਾ ਆਧੁਨਿਕ ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ। ਸੰਗਰੂਰ ਜ਼ਿਲ੍ਹੇ ’ਚ ਹੀ 4.62 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ 14 ਨਵੀਆਂ ਅਤਿ ਆਧੁਨਿਕ ਲਾਇਬ੍ਰੇਰੀਆਂ ਨੂੰ ਇਸ ਸਾਲ ਜਨਵਰੀ ਮਹੀਨੇ ’ਚ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੀ। ਜ਼ਿਲ੍ਹਾ ਲੁਧਿਆਣਾ ਵਿੱਚ 15 ਅਗਸਤ ਨੂੰ 14 ਪੇਂਡੂ ਲਾਇਬੇਰੀਆਂ ਦਾ ਉਦਘਾਟਨ ਕੀਤਾ ਗਿਆ। ਇੱਥੇ ਕੁੱਲ 42 ਪੇਂਡੂ ਲਾਇਬ੍ਰੇਰੀਆਂ ਦੀ ਉਸਾਰੀ ਕਰਵਾਈ ਜਾ ਰਹੀ ਹੈ।
ਦਰਅਸਲ ਪੰਜਾਬ ਸਰਕਾਰ ਵੱਲੋਂ 64 ਲੱਖ ਰੁਪਏ ਪ੍ਰਤੀ ਹਲਕੇ ਦੇ ਹਿਸਾਬ ਨਾਲ ਹਰ ਵਿਧਾਨ ਸਭਾ ਹਲਕੇ ਵਿੱਚ 6 ਲਾਇਬ੍ਰੇਰੀਆਂ ਸਥਾਪਤ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਇਹ ਲਾਇਬ੍ਰੇਰੀਆਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਮੋਢੀ ਵਜੋਂ ਕੰਮ ਕਰਨਗੀਆਂ ਅਤੇ ਇਸ ਪਹਿਲ ਕਦਮੀ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਵਿੱਚ ਪੜ੍ਹਨ ਦੀਆਂ ਆਦਤਾਂ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਨੌਜਵਾਨਾਂ ਨੂੰ ਮਜ਼ਬੂਤੀਕਰਨ ਅਤੇ ਉਨ੍ਹਾਂ ਨੂੰ ਸੂਬੇ ਦੇ ਸਮਾਜਿਕ-ਆਰਥਿਕ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਉਣ ਵਿੱਚ ਸਹਾਈ ਹੋਵੇਗਾ।
ਭਗਵੰਤ ਸਿੰਘ ਮਾਨ ਨੇ ਕਲਪਨਾ ਕੀਤੀ ਕਿ ਇਹ ਲਾਇਬ੍ਰੇਰੀਆਂ ਨੌਜਵਾਨਾਂ ਦੀ ਕਿਸਮਤ ਬਦਲਣ ਅਤੇ ਨੌਕਰਸ਼ਾਹਾਂ, ਵਿਗਿਆਨੀਆਂ, ਡਾਕਟਰਾਂ, ਟੈਕਨੋਕਰੇਟਾਂ ਅਤੇ ਹੋਰ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ। ਇਹ ਵਿਸ਼ਵ ਪੱਧਰੀ ਲਾਇਬ੍ਰੇਰੀਆਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹਨ ਤਾਂ ਜੋ ਇਹ ਕਿਤਾਬ ਪ੍ਰੇਮੀਆਂ ਲਈ ਸਵਰਗ ਵਜੋਂ ਕੰਮ ਕਰ ਸਕਣ। ਇਨ੍ਹਾਂ ’ਚ ਏਅਰ ਕੰਡੀਸ਼ਨਰ, ਇਨਵਰਟਰ, ਸੀ.ਸੀ.ਟੀ.ਵੀ. ਕੈਮਰੇ, ਵਾਈ-ਫਾਈ ਅਤੇ ਹੋਰ ਹਾਈਟੈਕ ਸਹੂਲਤਾਂ ਦਿੱਤੀਆਂ ਗਈਆਂ ਹਨ।
ਇਹੀ ਨਹੀਂ ਪੰਜਾਬ ਸਰਕਾਰ ਇਨ੍ਹਾਂ ਲਾਇਬ੍ਰੇਰੀਆਂ ’ਚ ਰੱਖੀਆਂ ਕਿਤਾਬਾਂ ਲਿਖਣ ਵਾਲੇ ਸਾਹਿਤਕਾਰਾਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਰਹੂਮ ਪੰਜਾਬੀ ਕਵੀ ਅਤੇ ਲੇਖਕ ਸੁਰਜੀਤ ਪਾਤਰ ਦੀ ਯਾਦ ’ਚ ਉੱਭਰ ਰਹੇ ਕਵੀਆਂ ਲਈ ਹਰ ਸਾਲ ਪੁਰਸਕਾਰ ਪ੍ਰਦਾਨ ਕਰੇਗੀ ਜਿਸ ਦੀ ਇਨਾਮੀ ਰਕਮ 1 ਲੱਖ ਰੁਪਏ ਹੋਵੇਗੀ। ਸੁਰਜੀਤ ਪਾਤਰ ਦੀ ਇਸੇ ਸਾਲ ਮਈ ਮਹੀਨੇ ’ਚ ਮੌਤ ਹੋ ਗਈ ਸੀ। ਇਸ ਪੁਰਸਕਾਰ ਲਈ 8ਵੀਂ ਤੋਂ ਗਰੈਜੁਏਸ਼ਨ ਜਮਾਤ ਤਕ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ।