ਪਿੰਡ ਨਾਰਲੀ ਤੋਂ ਸਾਬਕਾ ਚੈਅਰਮੈਨ ਬਲਵਿੰਦਰ ਸਿੰਘ ਸੰਧੂ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮਿਤੀ 05 ਅਪ੍ਰੈਲ ਨੂੰ ਉਹਨਾਂ ਦੇ ਪਿੰਡ ਨਾਰਲੀ ਤੋਂ ਲਗਭਗ 20-25 ਮੈਂਬਰ ਮਹਿੰਦਰਾ ਪਿਕਅਪ ਗੱਡੀ ਕਿਰਾਏ ‘ਤੇ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਡੇਰਾ ਵਡਭਾਗ ਸਿੰਘ ਲਈ ਯਾਤਰਾ ਲਈ ਗਏ ਸਨ। ਬੀਤੇ ਕੱਲ੍ਹ ਸ਼ਾਮ ਵਾਪਸੀ ਦੌਰਾਨ ਮੰਡੀ ਮੋੜ ਨਜ਼ਦੀਕ ਇਸ ਗੱਡੀ ਦਾ ਵਰਨਾ ਕਾਰ ਨਾਲ ਭਿਆਨਕ ਐਕਸੀਡੈਂਟ ਹੋ ਗਿਆ। ਇਸ ਐਕਸੀਡੈਂਟ ਦੌਰਾਨ ਮੌਕੇ ‘ਤੇ ਹੀ ਵਰਨਾ ਕਾਰ ਦੇ ਡਰਾਈਵਰ ਦੀ ਵੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਆਸ ਪਾਸ ਦੇ ਰਾਹਗੀਰਾਂ ਅਤੇ ਦੁਕਾਨਦਾਰਾਂ ਵਲੋਂ ਬੜੀ ਜੱਦੋ ਜਹਿਦ ਨਾਲ ਸਵਾਰੀਆਂ ਨੂੰ ਬਾਹਰ ਕੱਢਿਆ ਗਿਆ।
ਪ੍ਰੀਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਯਾਤਰੀਆਂ ਵਿਚ ਜ਼ਨਾਨਾ ਸਵਾਰੀਆਂ ਜ਼ਿਆਦਾਤਰ ਸਨ ਅਤੇ ਉਨ੍ਹਾਂ ਨਾਲ ਕੁਝ ਬੱਚੇ ਅਤੇ ਬਜ਼ੁਰਗ ਵੀ ਸਨ। ਮਰਨ ਵਾਲਿਆਂ ਵਿੱਚ ਪਿੰਡ ਨਾਰਲੀ ਤੋਂ ਅਮਰੀਕ ਕੌਰ 60-65 ਸਾਲ ਪਤਨੀ ਗੁਰਮੁੱਖ ਸਿੰਘ, ਬਲਵੀਰ ਕੌਰ 60-65 ਪਤਨੀ ਅਮਰੀਕ ਸਿੰਘ ਅਤੇ ਮਨਜੀਤ ਕੌਰ 60- 65ਸਾਲ ਪਤਨੀ ਅਨੋਖ ਸਿੰਘ (ਬੇਲਦਾਰ) ਸ਼ਾਮਲ ਸਨ। ਗੰਭੀਰ ਰੂਪ ਵਿੱਚ ਫ਼ੱਟੜ ਹੋਏ ਯਾਤਰੀਆਂ ਵਿੱਚ ਜ਼ਿਆਦਾਤਰ ਇਕੋ ਹੀ ਪਰਿਵਾਰ ਦੇ 4-5 ਮੈਂਬਰ ਸ਼ਾਮਲ ਹਨ ।
ਅਖੀਰ ਵਿਚ ਇਸ ਵਾਪਰੇ ਦੁਖਾਂਤ ਦੇ ਮੌਕੇ ਉਪਰ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਸੰਧੂ ਅਤੇ ਸਬੰਧਤ ਪਰਿਵਾਰ ਦੇ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ, ਜ਼ਿਲ੍ਹਾ ਤਰਨਤਾਰਨ ਤੋਂ ਡਿਪਟੀ ਕਮਿਸ਼ਨਰ ਅਤੇ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਪਾਸੋਂ ਵੱਧ ਤੋਂ ਵੱਧ ਮਦਦ ਕਰਨ ਲਈ ਬੇਨਤੀ ਕੀਤੀ ਗਈ ਤਾਂ ਜੋ ਇਹ ਪਰਿਵਾਰ ਆਪਣੇ ਪਰਿਵਾਰ ਅਤੇ ਬੱਚਿਆਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰ ਸਕਣ।