ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਭਰ ਵਿੱਚ ਆਪਣੀ ਕਿਸਮ ਦੀ ਪਹਿਲੀ ਸਮਰਪਿਤ ਸੜਕ ਸੁਰੱਖਿਆ ਫੋਰਸ ਕਾਇਮ ਕੀਤੀ ਹੈ ਤਾਂ ਕਿ ਸੂਬਾਈ ਤੇ ਕੌਮੀ ਸ਼ਾਹਰਾਹਾਂ ਉਤੇ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਅਤੇ ਸੁਰੱਖਿਆ ਵਧਾਈ ਜਾ ਸਕੇ। ਵਿਸ਼ੇਸ਼ ਸਿਖਲਾਈ ਪ੍ਰਾਪਤ ਨਵੇਂ ਭਰਤੀ 1597 ਮੁਲਾਜ਼ਮ ਇਸ ਫੋਰਸ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਤਿ-ਆਧੁਨਿਕ ਮਸ਼ੀਨਰੀ ਨਾਲ ਲੈਸ 144 ਵਾਹਨ ਮੁਹੱਈਆ ਕੀਤੇ ਗਏ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੜਕਾਂ ’ਤੇ ਲੋਕਾਂ ਦੀਆਂ ਕੀਮਤਾਂ ਜਾਨਾਂ ਬਚਾਉਣ ਦੇ ਮਕਸਦ ਨਾਲ ਕਾਇਮ ਇਹ SSF ਦੀ ਬਦੌਲਤ ਹੀ ਹੈ ਕਿ ਫਰਵਰੀ ਵਿੱਚ ਸ਼ੁਰੂਆਤ ਤੋਂ ਲੈ ਕੇ ਸੂਬੇ ਵਿੱਚ ਮੌਜੂਦਾ ਸਾਲ 2024 ਦੌਰਾਨ ਸੜਕ ਹਾਦਸਿਆਂ ਵਿੱਚ ਹੋਣ ਵਾਲੀ ਮੌਤ ਦਰ ਵਿੱਚ 45.53% ਦੀ ਕਮੀ ਆਈ ਹੈ। ਪਿਛਲੇ ਛੇ ਮਹੀਨਿਆਂ ਵਿੱਚ 591 ਕੀਮਤੀ ਜਾਨਾਂ ਚਲੀਆਂ ਗਈਆਂ ਹਨ ਜਦੋਂ ਕਿ 2023 ਵਿੱਚ ਇਸੇ ਸਮੇਂ ਦੌਰਾਨ ਇਹ ਅੰਕੜਾ 1,085 ਸੀ। ਅਗਸਤ 2024 ਵਿੱਚ ਹੀ SSF ਨੇ ਕੁੱਲ 1,754 ਹਾਦਸਿਆਂ ਦਾ ਜਵਾਬ ਦਿੰਦੇ ਹੋਏ ਤੇਜ਼ੀ ਨਾਲ ਕਾਰਵਾਈ ਕੀਤੀ। ਇਨ੍ਹਾਂ ਨਾਜ਼ੁਕ ਪਲਾਂ ਦੌਰਾਨ, 919 ਜ਼ਖਮੀ ਵਿਅਕਤੀਆਂ ਨੂੰ ਮੁਢਲੀ ਸਹਾਇਤਾ ਪ੍ਰਦਾਨ ਕੀਤੀ ਅਤੇ 1,078 ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਹਸਪਤਾਲ ਵਿੱਚ ਦਾਖਲ ਕਰਵਾਇਆ।
ਇਹੀ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਿਸ ਦੀ ਸੜਕ ਸੁਰੱਖਿਆ ਫੋਰਸ ਅਤੇ ਟ੍ਰੈਫਿਕ ਵਿੰਗ ਨੇ #MapMyIndia ਨਾਲ ਸਾਂਝੇਦਾਰੀ ਵਿੱਚ ਫ਼ਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਨੂੰ ਮੈਪਲਜ਼ ਮੋਬਾਈਲ ਐਪ ਵਿੱਚ ਸ਼ਾਮਲ ਕੀਤਾ ਹੈ। ਹੁਣ, ਜੋ ਵੀ ਵਿਅਕਤੀ ਸੜਕ ਦੁਰਘਟਨਾ ਪੀੜਤ ਦੀ ਹਸਪਤਾਲ ਪਹੁੰਚਣ ਵਿੱਚ ਮਦਦ ਕਰੇਗਾ, ਉਸ ਨੂੰ ਸਰਕਾਰੀ ਸਰਟੀਫਿਕੇਟ ਅਤੇ 2000 ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਫ਼ਰਿਸ਼ਤੇ ਸਕੀਮ ਤਹਿਤ ਪੰਜਾਬ ਭਰ ਵਿੱਚ 384 ਹਸਪਤਾਲਾਂ ਨੂੰ ਸਫ਼ਲਤਾਪੂਰਵਕ ਰਜਿਸਟਰ ਕੀਤਾ ਗਿਆ ਹੈ।
SSF ਦੇ ਇਕ ਹੋਰ ਨਵੇਂ ਉਪਰਾਲੇ ਅਨੁਸਾਰ ਹਾਦਸਿਆਂ ਨੂੰ ਰੋਕਣ ਲਈ, ਅਵਾਰਾ ਪਸ਼ੂਆਂ ਲਈ ਰਿਫਲੈਕਟਿਵ ਕਾਲਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਹਨੇਰੇ ਤੋਂ ਬਾਅਦ ਸੁਰੱਖਿਅਤ ਢੰਗ ਨਾਲ ਸੜਕਾਂ ’ਤੇ ਸਫ਼ਰ ਦੌਰਾਨ ਡਰਾਈਵਰਾਂ ਦੀ ਮਦਦ ਕਰਦੇ ਹਨ। SSF ਕਿਸੇ ਸੜਕ ਹਾਦਸੇ ’ਚ ਮਦਦ ਪ੍ਰਦਾਨ ਕਰਨ ਤੋਂ ਇਲਾਵਾ ਗੁੰਮ ਹੋਏ ਲੋਕਾਂ, ਸੜਕਾਂ ’ਤੇ ਅੱਗ ਲੱਗਣ ਜਾਂ ਚੋਰੀ ਹੋਣ, ਪ੍ਰੇਸ਼ਾਨ ਵਿਅਕਤੀਆਂ, ਗੁੰਮ ਹੋਏ ਸਾਮਾਨ ਨੂੰ ਮਾਲਕ ਤਕ ਪਹੁੰਚਾਉਣ ਵਰਗੀ ਮਦਦ ਕੀਤੀ ਜਾ ਰਹੀ ਹੈ ਅਤੇ ਸਕੂਲਾਂ ਸਮੇਤ ਵੱਖੋ-ਵੱਖ ਥਾਵਾਂ ’ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਜੇਕਰ ਕੋਈ ਵੀ ਸੜਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤਾਂ ਤੁਰੰਤ ਮਦਦ ਲਈ 112 ਡਾਇਲ ਕਰੋ। SSF 24/7 ਤੁਹਾਡੀ ਯਾਤਰਾ ਨੂੰ ਨਿਰਵਿਘਨ ਅਤੇ ਸੁਰੱਖਿਅਤ ਰੱਖਣ ਲਈ ਤੁਰੰਤ ਸਹਾਇਤਾ ਪ੍ਰਦਾਨ ਕਰੇਗੀ। ਸੜਕ ਸੁਰੱਖਿਆ ਫੋਰਸ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰ ਕੇ ਸੜਕ ਸੁਰੱਖਿਆ ਨੂੰ ਵਧਾਉਣ ’ਤੇ ਕੇਂਦਰਿਤ ਹੈ। ਇਸ ਦਾ ਮਿਸ਼ਨ ਹਾਦਸਿਆਂ ਨੂੰ ਘਟਾਉਣਾ ਅਤੇ ਸਾਰਿਆਂ ਲਈ ਸੁਰੱਖਿਅਤ ਸੜਕਾਂ ਨੂੰ ਯਕੀਨੀ ਬਣਾਉਣਾ ਹੈ। ਇਹ ਫੋਰਸ ਸੂਬੇ ਦੇ ਨੈਸ਼ਨਲ ਹਾਈਵੇ ਦੇ 4200 ਕਿਲੋਮੀਟਰ ਉਤੇ ਤਾਇਨਾਤ ਕੀਤੀ ਗਈ ਹੈ। ਆਪਣੇ ਨਿਸ਼ਚਿਤ ਕੀਤੇ ਇਲਾਕੇ ਦੀ ਗਸ਼ਤ ਕਰਨ ਦੇ ਨਾਲ-ਨਾਲ ਇਹ ਫੋਰਸ ਆਵਾਜਾਈ ਨਿਯਮਾਂ ਦੀ ਉਲੰਘਣਾ ਹੋਣ ਤੋਂ ਰੋਕਣ ਦਾ ਵੀ ਕੰਮ ਕਰ ਰਹੀ ਹੈ।