ਲੁਧਿਆਣਾ, ਪੰਜਾਬ: ਆਪਣੀ ਚੋਣ ਯਾਤਰਾ ਵਿੱਚ ਇੱਕ ਅਹਿਮ ਕਦਮ ਅੱਗੇ ਵਧਾਉਂਦਿਆਂ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਸੰਸਦੀ ਸੀਟ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੌਰਾਨ ਪਾਰਟੀ ਦੀਆਂ ਸ਼ਹਿਰੀ ਅਤੇ ਦਿਹਾਤੀ ਇਕਾਈਆਂ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ, ਵੜਿੰਗ ਨੇ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਨਾਲ ਆਪਣੇ ਉਮੀਦਵਾਰੀ ਦੇ ਕਾਗਜ਼ ਦਾਖਲ ਕੀਤੇ। ਨਾਮਜ਼ਦਗੀਆਂ ਭਰਨ ਸਮੇਂ ਹਾਜ਼ਰ ਅਹਿਮ ਸ਼ਖ਼ਸੀਅਤਾਂ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੀ ਸ਼ਾਮਲ ਸਨ।
ਵਰਨਣਯੋਗ ਹੈ ਕਿ ਰਾਜਾ ਵੜਿੰਗ ਨੇ ਮਰਹੂਮ ਪੰਜਾਬੀ ਕਵੀ ਡਾ. ਸੁਰਜੀਤ ਪਾਤਰ, ਜਿਨ੍ਹਾਂ ਦਾ ਹਾਲ ਹੀ ਵਿੱਚ ਦਿਹਾਂਤ ਹੋ ਗਿਆ ਸੀ, ਪ੍ਰਤੀ ਡੂੰਘੇ ਸਤਿਕਾਰ ਦਾ ਇਜ਼ਹਾਰ ਕਰਦਿਆਂ ਆਪਣਾ ਤੈਅ ਰੋਡ ਸ਼ੋਅ ਅਤੇ ਸ਼ਕਤੀ ਪਰਦਰਸ਼ਨ ਰੈਲੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਸੱਭਿਆਚਾਰਕ ਪ੍ਰਤੀਕਾਂ ਅਤੇ ਵਿਰਸੇ ਪ੍ਰਤੀ ਉਹਨਾਂ ਵਿੱਚ ਅਥਾਹ ਸ਼ਰਧਾ ਅਤੇ ਸਤਿਕਾਰ ਹੈ।
ਜੇਕਰ ਮੈਂ ਸੰਸਦ ਮੈਂਬਰ ਚੁਣਿਆ ਗਿਆ, ਤਾਂ ਮੂਸੇਵਾਲਾ ਦੇ ਕੇਸ ਨੂੰ, ਇਨਸਾਫ਼ ਦਿਵਾਉਣ ਲਈ ਮਸ਼ਾਲ ਵਜੋਂ ਚੁੱਕਣ ਦੀ ਕਸਮ ਖਾਂਦਾ ਹਾਂ। ਕਾਂਗਰਸ ਦੇ ਬੈਨਰ ਹੇਠ, ਅਸੀਂ ਗੁੰਡਾਗਰਦੀ ਨੂੰ ਖਤਮ ਕਰਨ ਲਈ ਅਣਥੱਕ ਮਿਹਨਤ ਕਰਾਂਗੇ, ਤਾਂ ਜੋ ਹਰ ਨਾਗਰਿਕ ਬਿਨਾਂ ਕਿਸੇ ਡਰ ਦੇ ਜੀਵਨ ਬਤੀਤ ਕਰੇ। ਨਾਮਜ਼ਦਗੀ ਭਰਨ ਤੋਂ ਬਾਅਦ ਰਾਜਾ ਵੜਿੰਗ ਨੇ ਲੁਧਿਆਣਾ ਦੇ ਫਿਰੋਜ਼ਪੁਰ ਰੋਡ ‘ਤੇ ਕਾਂਗਰਸ ਦੇ ਚੋਣ ਦਫ਼ਤਰ ਦਾ ਉਦਘਾਟਨ ਵੀ ਕੀਤਾ, ਜਿਸ ਨਾਲ ਜ਼ਮੀਨੀ ਪੱਧਰ ‘ਤੇ ਲਾਮਬੰਦੀ ਅਤੇ ਭਾਈਚਾਰਕ ਸਾਂਝ ਮਜ਼ਬੂਤ ਹੋਈ ਹੈ।
ਵੋਟਰਾਂ ਨਾਲ ਸਿੱਧੇ ਤੌਰ ‘ਤੇ ਜੁੜਦਿਆਂ, ਉਨ੍ਹਾਂ ਗਿੱਲ ਵਿਧਾਨ ਸਭਾ ਹਲਕੇ ਦੇ ਪਿੰਡਾਂ ਨਾਰੰਗਵਾਲ, ਮਨਸੂਰਾਂ, ਸ਼ਹਿਜ਼ਾਦਾ, ਲਲਤੋਂ ਕਲਾਂ, ਇਆਲੀ ਕਲਾਂ ਅਤੇ ਸਿੰਘਪੁਰਾ ਸਮੇਤ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ। ਲੋਕਾਂ ਨਾਲ ਉਨ੍ਹਾਂ ਦੀ ਗੱਲਬਾਤ ਉਹਨਾਂ ਦੀਆਂ ਚਿੰਤਾਵਾਂ ਅਤੇ ਉਮੀਦਾਂ ਨੂੰ ਸਮਝਣ ਦੀ ਇਮਾਨਦਾਰ ਇੱਛਾ ਨੂੰ ਦਰਸਾਉਂਦੀ ਹੈ, ਜੋ ਹਰ ਸਮੇਂ ਇੱਕ ਜਵਾਬਦੇਹ ਅਤੇ ਉਪਲਬਧ ਪ੍ਰਤੀਨਿਧੀ ਬਣਨ ਲਈ ਉਨ੍ਹਾਂ ਦੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।
ਵੜਿੰਗ ਨੇ ਪੰਜਾਬ ਦੇ ਸ਼ਾਹੀ ਇਮਾਮ, ਮੌਲਾਨਾ ਉਸਮਾਨ ਲੁਧਿਆਣਵੀ ਨਾਲ ਵੀ ਇੱਕ ਮੀਟਿੰਗ ਕੀਤੀ, ਜਿਸ ਵਿੱਚ ਉਹਨਾਂ ਨੇ ਵੱਖ-ਵੱਖ ਭਾਈਚਾਰਿਆਂ ਵਿੱਚ ਏਕਤਾ, ਸਦਭਾਵਨਾ ਅਤੇ ਸਮਝਦਾਰੀ ਨੂੰ ਉਤਸ਼ਾਹਿਤ ਕਰਨ ਦੇ ਮਹੱਤਵ ਬਾਰੇ ਚਰਚਾ ਕੀਤੀ ਜੋ ਵੜਿੰਗ ਦੇ ਰਾਜਨੀਤਿਕ ਸਿਧਾਂਤਾਂ ਦਾ ਅਧਾਰ ਹੈ।
ਇਸੇ ਲੜੀ ਤਹਿਤ, ਨਾਮਜ਼ਦਗੀ ਪੱਤਰ ਦਾਖਲ ਕਰਨ ਅਤੇ ਜ਼ਮੀਨੀ ਪੱਧਰ ਦੀ ਸਰਗਰਮੀ ਦੀ ਊਰਜਾ ਨਾਲ ਭਰੇ ਚੋਣ ਅਭਿਆਨ ਦੇ ਨਾਲ, ਰਾਜਾ ਵੜਿੰਗ ਲੁਧਿਆਣਾ ਲਈ ਉਮੀਦ, ਏਕਤਾ ਅਤੇ ਤਰੱਕੀ ਦੀ ਕਿਰਨ ਬਣ ਕੇ ਉੱਭਰੇ ਹਨ।