ਪੰਜਾਬ ਸਰਕਾਰ ਆਪਣੇ ਮੰਤਰੀ ਮੰਡਲ ਵਿੱਚ ਵੱਡਾ ਫੇਰਬਦਲ ਕਰਨ ਜਾ ਰਹੀ ਹੈ। ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਭਲਕੇ ਸ਼ਾਮ ਨੂੰ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਸ ਸਬੰਧੀ ਸਰਕਾਰ ਨੇ ਗਵਰਨਰ ਹਾਊਸ ਤੋਂ ਵੀ ਇਜਾਜ਼ਤ ਮੰਗੀ ਹੈ। ਹਾਲਾਂਕਿ ਅਜੇ ਤੱਕ ਪਾਰਟੀ ਆਗੂ ਕੁਝ ਵੀ ਕਹਿਣ ਤੋਂ ਬਚ ਰਹੇ ਹਨ।
ਸੂਤਰਾਂ ਮੁਤਾਬਕ ਚਾਰ ਮੰਤਰੀਆਂ ਦੀ ਛੁੱਟੀ ਵੀ ਤੈਅ ਮੰਨੀ ਜਾ ਰਹੀ ਹੈ ਜਦਕਿ ਪੰਜ ਨਵੇਂ ਚਿਹਰੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। ਇਸ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਬਣਾਏ ਜਾ ਸਕਦੇ ਹਨ 2 ਡਿਪਟੀ ਸੀਐਮ
ਇਸ ਸਮੇਂ ਪੰਜਾਬ ਵਿੱਚ ਉਪ ਮੁੱਖ ਮੰਤਰੀ ਦਾ ਅਹੁਦਾ ਖਾਲੀ ਹੈ ਪਰ ਜੇਕਰ ਰਿਪੋਰਟਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੋ ਨਵੇਂ ਡਿਪਟੀ ਮੁੱਖ ਮੰਤਰੀ ਬਣਾ ਸਕਦੇ ਹਨ। ਫਿਲਹਾਲ ਉਪ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ, ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਚਰਚਾ ਜ਼ੋਰਾਂ ‘ਤੇ ਹੈ ਕਿ ਪੰਜਾਬ ਨੂੰ ਦੋ ਨਵੇਂ ਡਿਪਟੀ ਮੁੱਖ ਮੰਤਰੀ ਮਿਲ ਸਕਦੇ ਹਨ।
ਦੱਸ ਦੇਈਏ ਕਿ ਕਾਫੀ ਸਮੇਂ ਤੋਂ ਚਰਚਾ ਸੀ ਕਿ ਪੰਜਾਬ ਮੰਤਰੀ ਮੰਡਲ ‘ਚ ਫੇਰਬਦਲ ਹੋ ਸਕਦਾ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਐਮ.ਪੀ ਬਣ ਚੁੱਕੇ ਹਨ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਖੇਡ ਮੰਤਰੀ ਸਮੇਤ ਸਰਕਾਰ ਵਿੱਚ ਕਈ ਅਹੁਦਿਆਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਅਜਿਹੇ ‘ਚ ਹੁਣ ਉਨ੍ਹਾਂ ਦੀ ਜਗ੍ਹਾ ਕਿਸੇ ਨਵੇਂ ਚਿਹਰੇ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਚਾਰ ਹੋਰ ਮੰਤਰੀ ਬਣਾਏ ਜਾ ਸਕਦੇ ਹਨ।