Sunday, October 26, 2025
Homeपंजाबਪੰਜਾਬ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤੇ ਵਧਾਉਣ ਦੀ ਤਿਆਰੀ, ਸਪੀਕਰ ਦੀ...

ਪੰਜਾਬ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤੇ ਵਧਾਉਣ ਦੀ ਤਿਆਰੀ, ਸਪੀਕਰ ਦੀ ਪ੍ਰਧਾਨਗੀ ਵਿਚ ਜਨਰਲ ਪਰਲਜ਼ ਕਮੇਟੀ ਦੀ ਬੈਠਕ ਹੋਈ

ਢਾਈ ਸਾਲ ਪਹਿਲਾਂ ਮਾਰਚ 2022 ਵਿਚ ਪੰਜਾਬ ਦੀ ਵਾਗਡੋਰ ਸੰਭਾਲਣ ਵਾਲੀ ‘ਆਪ’ ਸਰਕਾਰ ਨੇ ਸਾਬਕਾ ਵਿਧਾਇਕਾਂ ਦੀਆਂ ਮਾਸਿਕ ਪੈਨਸ਼ਨਾਂ ਨੂੰ ਕੇਵਲ ‘ਇਕ ਟਰਮ ਦੀ ਪੈਨਸ਼ਨ’ ਦੇਣ ਦੇ ਫ਼ੈਸਲੇ ਨੂੰ ਲਾਗੂ ਕਰ ਕੇ ਪਬਲਿਕ ਦੀ ਵਾਹ ਵਾਹ ਖੱਟ ਲਈ ਸੀ। ਹੁਣ ਮੌਜੂਦਾ ਵਿਧਾਇਕਾਂ ਜਿਸ ਵਿਚ ‘ਆਪ’, ਕਾਂਗਰਸ, ਬੀਜੇਪੀ, ਅਕਾਲੀ ਅਤੇ ਬੀ.ਐਸ.ਪੀ. ਦੇ ਵੀ ਸ਼ਾਮਲ ਹਨ, ਦੀ ਬੇਨਤੀ ’ਤੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਕੋਲੋਂ ਵਿਸ਼ੇਸ਼ ਜਨਰਲ ਪਰਪਜ਼ ਕਮੇਟੀ ਬਣਵਾ ਕੇ ਅਪਣੀਆਂ ਮਾਸਿਕ ਤਨਖ਼ਾਹਾਂ ਵਧਾਉਣ ਦਾ ਸਫ਼ਲ ਉਪਰਾਲਾ ਕਰਵਾ ਲਿਆ ਹੈ।

ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਵਿਸ਼ੇਸ਼ ਜਾਣਕਾਰੀ ਮੁਤਾਬਕ ਇਸ ਵਿਸ਼ੇਸ਼ ਕਮੇਟੀ ਦੀ ਬੈਠਕ ਪਿਛਲੇ ਮੰਗਲਵਾਰ 20 ਅਗੱਸਤ ਨੂੰ ਸ. ਸੰਧਵਾਂ ਦੀ ਪ੍ਰਧਾਨਗੀ ਵਿਚ ਕੀਤੀ ਗਈ। ਇਸ ਬੈਠਕ ਵਿਚ ਸ. ਸੰਧਵਾਂ ਤੋਂ ਇਲਾਵਾ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ, ਵਿੱਤ ਮੰਤਰੀ ਹਰਪਾਲ ਚੀਮਾ, ਸੰਸਦੀ ਮਾਮਲਿਆਂ ਦੇ ਮੰਤਰੀ, ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਨ ਸਭਾ ਕਮੇਟੀਆਂ ਦੇ ਸਾਰੇ ਸਭਾਪਤੀ (ਚੇਅਰਮੈਨ) ਸ਼ਾਮਲ ਹੋਏ।

ਇਸ ਬੈਠਕ ਦਾ ਇਕੋ ਇਕ ਏਜੰਡਾ ਵਿਧਾਇਕਾਂ ਦੀਆਂ ਤਨਖ਼ਾਹਾਂ ਅਤੇ ਭੱਤੇ, ਅੱਜ ਦੀ ਮਹਿੰਗਾਈ ਦੇ ਰੇਟ ਮੁਤਾਬਕ ਵਧਾਉਣ ਦਾ ਸੀ। ਸੂਤਰਾਂ ਨੇ ਇਹ ਵੀ ਦਸਿਆ ਕਿ ਭਾਵੇਂ ਅਜੇ ਕਮੇਟੀ ਦੀ ਰੀਪੋਰਟ ਯਾਨੀ ਮਾਸਿਕ ਤਨਖ਼ਾਹ ਤੇ ਹੋਰ ਭੱਤੇ ਵਧਾਉਣ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਇੰਨਾ ਜ਼ਰੂਰ ਵਿਚਾਰ ਕੀਤਾ ਗਿਆ ਕਿ ਮੌਜੂਦਾ ਰੇਟ 84,000 ਕੁਲ ਮਾਸਿਕ ਤਨਖ਼ਾਹ ਨਾਲ ਇਕ ਵਿਧਾਇਕ ਦਾ ਗੁਜ਼ਾਰਾ ਨਹੀਂ ਚਲ ਰਿਹਾ। ਇਸ ਵੇਲੇ ਇਕ ਐਮ.ਐਲ.ਏ. ਦੀ ਬੇਸਿਕ ਤਨਖ਼ਾਹ 25000 ਰੁਪਏ, ਹਲਕਾ ਭੱਤਾ 25000 ਰੁਪਏ, ਪੀ.ਏ. ਵਾਸਤੇ 15000 ਰੁਪਏ ਫ਼ੋਨ ਵਾਸਤੇ, ਬਿਜਲੀ ਪਾਣੀ ਭੱਤੇ ਪਾ ਕੇ ਕੁਲ 84000 ਰੁਪਏ ਮਹੀਨੇ ਦੇ ਮਿਲਦੇ ਹਨ।

ਇਸ ਵਿਸ਼ੇਸ਼ ਬੈਠਕ ਵਿਚ ਇਹ ਵੀ ਸੁਝਾਅ ਦਿਤਾ ਗਿਆ ਕਿ ਵਿਧਾਇਕ ਦਾ ਦਰਜਾ, ਮੁੱਖ ਸਕੱਤਰ ਦੇ ਬਰਾਬਰ ਹੁੰਦਾ ਹੈ ਅਤੇ ਮਹੀਨੇ ਦੀ ਤਨਖ਼ਾਹ ਵੀ ਘੱਟੋ ਘੱਟ 3 ਲੱਖ ਰੁਪਏ ਹੋਣੀ ਚਾਹੀਦੀ ਹੈ। ਮੰਗਲਵਾਰ ਦੀ ਇਸ ਬੈਠਕ ਵਿਚ ਵਿਧਾਇਕਾਂ ਦੇ ਪੰਜਾਬ ਅੰਦਰ ਕਰਨ ਵਾਲੇ ਦੌਰੇ, ਰਾਜਧਾਨੀ ਚੰਡੀਗੜ੍ਹ ਵਿਚ ਸਪਤਾਹਿਕ ਕਮੇਟੀ ਬੈਠਕਾਂ ਵਿਚ ਹਾਜ਼ਰੀ ਭਰਨ ਵਾਸਤੇ, ਮਿਲਦੇ ਕਿਲੋਮੀਟਰ ਭੱਤੇ, ਰੋਜ਼ਾਨਾ ਭੱਤਿਆਂ ਦੇ ਰੇਟ ਵੀ ਮੌਜੂਦਾ ਰੇਟ ਤੋਂ ਵਧਾ ਕੇ ਦੁਗਣਾ ਕਰਨ ਦੀ ਮੰਗ ਕੀਤੀ ਗਈ।
ਕੁਲ 117 ਵਿਧਾਇਕਾਂ ਵਿਚੋਂ ਮੰਤਰੀ, ਸਪੀਕਰ ਡਿਪਟੀ ਸਪੀਕਰ ਅਤੇ ਹੋਰ ਸਰਕਾਰੀ ਰੈਂਕ ਵਾਲੇ ਕੱਢ ਕੇ 95 ਤੋਂ 98 ਵਿਧਾਇਕਾਂ ਨੂੰ ਇਨ੍ਹਾਂ ਰੇਟਾਂ ਵਿਚ ਹੋਣ ਵਾਲੇ ਵਾਧੇ ਨਾਲ ਫ਼ਾਇਦਾ ਪਹੁੰਚੇਗਾ। ਇਕ ਮੋਟੇ ਅੰਦਾਜ਼ੇ ਮੁਤਾਬਕ ਤਨਖ਼ਾਹ ਅਤੇ ਭੱਤਿਆਂ ਵਿਚ ਵਾਧੇ ਨਾਲ ਖ਼ਜ਼ਾਨੇ ’ਤੇ ਸਾਲਾਨਾ ਭਾਰ 25 ਤੋਂ 30 ਕਰੋੜ ਤਕ ਦਾ ਹੋਰ ਪਵੇਗਾ। ਇਹ ਵੀ ਸੰਭਾਵਨਾ ਹੈ ਕਿ ਵਿਸ਼ੇਸ਼ ਤਨਖ਼ਾਹ ਭੱਤਾ ਰੀਪੋਰਟ ਇਸ ਸੈਸ਼ਨ ਵਿਚ ਪੇਸ਼ ਕਰ ਕੇ ਮੰਜ਼ੂਰ ਕਰਵਾ ਲਈ ਜਾਵੇਗੀ।

RELATED ARTICLES
- Advertisment -spot_imgspot_img
- Advertisment -spot_imgspot_img

-Video Advertisement-

- Advertisement -spot_imgspot_img

Most Popular