ਨਵੀਂ ਦਿੱਲੀ: ਨਵੀਂ ਸਪਲਾਈ ਨਾਲੋਂ ਜ਼ਿਆਦਾ ਵਿਕਰੀ ਕਾਰਨ ਪਿਛਲੇ ਤਿੰਨ ਮਹੀਨਿਆਂ ’ਚ 9 ਵੱਡੇ ਸ਼ਹਿਰਾਂ ’ਚ ਅਣਵਿਕੇ ਮਕਾਨਾਂ ਦੀ ਗਿਣਤੀ 7 ਫੀ ਸਦੀ ਘੱਟ ਕੇ 4.81 ਲੱਖ ਇਕਾਈ ਰਹਿ ਗਈ। ਰੀਅਲ ਅਸਟੇਟ ਡਾਟਾ ਵਿਸ਼ਲੇਸ਼ਣ ਫਰਮ ਪ੍ਰੋਪਇਕੁਇਟੀ ਦੇ ਅਨੁਸਾਰ, ਇਸ ਸਾਲ ਮਾਰਚ ਦੇ ਅੰਤ ਤਕ ਨੌਂ ਵੱਡੇ ਸ਼ਹਿਰਾਂ ’ਚ ਅਣਵਿਕੇ ਮਕਾਨਾਂ ਦੀ ਗਿਣਤੀ 481,566 ਸੀ। ਦਸੰਬਰ 2023 ਦੇ ਅੰਤ ਤਕ ਇਹ ਅੰਕੜਾ 5,18,868 ਯੂਨਿਟ ਸੀ।
ਇਹ ਨੌਂ ਸ਼ਹਿਰ ਮੁੰਬਈ, ਨਵੀਂ ਮੁੰਬਈ, ਠਾਣੇ, ਦਿੱਲੀ-ਐਨਸੀਆਰ (ਦਿੱਲੀ, ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਅਤੇ ਫਰੀਦਾਬਾਦ), ਬੈਂਗਲੁਰੂ, ਹੈਦਰਾਬਾਦ, ਪੁਣੇ, ਚੇਨਈ ਅਤੇ ਕੋਲਕਾਤਾ ਹਨ। ਪ੍ਰੋਪਇਕੁਇਟੀ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ (ਐਮ.ਡੀ.) ਸਮੀਰ ਜਸੂਜਾ ਨੇ ਕਿਹਾ ਕਿ ਨਵੇਂ ਆਉਣ ਵਾਲੇ ਘਰਾਂ ਦੀ ਤੁਲਨਾ ਵਿਚ ਜ਼ਿਆਦਾ ਵਿਕਰੀ ਕਾਰਨ ਨਾ ਵਿਕੇ ਘਰਾਂ ਦੀ ਗਿਣਤੀ ਵਿਚ ਕਮੀ ਆਈ ਹੈ।