ਸੰਸਦ ’ਚ ਪੇਸ਼ ਇਕ ਰੀਪੋਰਟ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਜ਼ਮੀਨਦੋਜ਼ ਪਾਣੀ ’ਚ ਮੌਜੂਦ ਜ਼ਹਿਰੀਲੇ ਤੱਤ ਸਿਹਤ ਲਈ ਗੰਭੀਰ ਖਤਰਾ ਪੈਦਾ ਕਰਦਾ ਹੈ। ਰੀਪੋਰਟ ’ਚ ਯੂਰੇਨੀਅਮ, ਲੈੱਡ, ਨਿਕਲ ਅਤੇ ਮੈਂਗਨੀਜ਼ ਦੇ ਸਿਹਤ ’ਤੇ ਨੁਕਸਾਨਦੇਹ ਅਸਰਾਂ ’ਤੇ ਜ਼ੋਰ ਦਿਤਾ ਗਿਆ ਹੈ। ਰੀਪੋਰਟ ’ਚ ਕਿਹਾ ਗਿਆ ਹੈ, ‘‘ਪੰਜਾਬ ’ਚ ਧਰਤੀ ਹੇਠਲਾ ਪਾਣੀ ਮਾਰੂ ਹੁੰਦਾ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ’ਚ ਧਰਤੀ ਹੇਠਲੇ ਪਾਣੀ ਦੀ ਕੁਆਲਿਟੀ ਚਿੰਤਾਜਨਕ ਹੋ ਗਈ ਹੈ, ਜਿਸ ਕਾਰਨ ਕੈਂਸਰ ਹੋ ਰਿਹਾ ਹੈ। ਸੂਬੇ ਦੇ ਕਈ ਇਲਾਕਿਆਂ ’ਚ ਧਰਤੀ ਹੇਠਲਾ ਪਾਣੀ ਖਪਤਯੋਗ ਨਹੀਂ ਰਿਹਾ ਹੈ। ਧਰਤੀ ਹੇਠਲੇ ਪਾਣੀ ’ਚ ਘਾਤਕ ਧਾਤਾਂ ਦਾ ਮਿਸ਼ਰਣ ਪਾਇਆ ਜਾ ਰਿਹਾ ਹੈ, ਜੋ ਕੈਂਸਰ ਦਾ ਇਕ ਵੱਡਾ ਕਾਰਨ ਹੈ।’’ਇਹ ਜਾਣਕਾਰੀ ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਰਾਜ ਭੂਸ਼ਣ ਚੌਧਰੀ ਨੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵਲੋਂ ਸੰਸਦ ’ਚ ਉਠਾਏ ਸਵਾਲ ਦੇ ਜਵਾਬ ’ਚ ਦਿਤੀ ।
ਕੇਂਦਰੀ ਜਲ ਸ਼ਕਤੀ ਰਾਜ ਮੰਤਰੀ ਨੇ ਇਕ ਰੀਪੋਰਟ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਧਰਤੀ ਹੇਠਲਾ ਪਾਣੀ ਹੁਣ ਪੀਣ ਯੋਗ ਨਹੀਂ ਹੈ। ਮੰਤਰੀ ਅਨੁਸਾਰ ਧਰਤੀ ਹੇਠਲੇ ਪਾਣੀ ਦੇ ਨਮੂਨਿਆਂ ’ਚ ਨਾਈਟ੍ਰੇਟ, ਆਇਰਨ, ਆਰਸੈਨਿਕ, ਸੇਲੇਨੀਅਮ, ਕ੍ਰੋਮੀਅਮ, ਮੈਂਗਨੀਜ਼, ਨਿਕਲ, ਕੈਡਮੀਅਮ, ਸੀਸਾ ਅਤੇ ਯੂਰੇਨੀਅਮ ਵਰਗੇ ਖਤਰਨਾਕ ਤੱਤ ਪਾਏ ਗਏ ਹਨ।
ਇੱਥੋਂ ਤਕ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਕੀਤੀ ਗਈ ਖੋਜ ਨੇ ਵੀ ਪਿਛਲੇ ਸਮੇਂ ’ਚ ਇਹ ਸਾਬਤ ਕੀਤਾ ਹੈ। ਰੀਪੋਰਟ ਮੁਤਾਬਕ ਜ਼ਹਿਰੀਲੇ ਤੱਤਾਂ ਦੀ ਮੌਜੂਦਗੀ ਸਿਹਤ ਲਈ ਗੰਭੀਰ ਖਤਰੇ ਪੈਦਾ ਕਰਦੀ ਹੈ। ਇਹ ਸਿਹਤ ’ਤੇ ਯੂਰੇਨੀਅਮ, ਸੀਸਾ, ਨਿਕੇਲ ਅਤੇ ਮੈਂਗਨੀਜ਼ ਦੇ ਨੁਕਸਾਨਦੇਹ ਪ੍ਰਭਾਵਾਂ ’ਤੇ ਜ਼ੋਰ ਦਿੰਦਾ ਹੈ। ਇਸ ਸਮੱਸਿਆ ਦਾ ਜਲਦੀ ਹੱਲ ਕਰਨਾ ਜ਼ਰੂਰੀ ਹੈ, ਨਹੀਂ ਤਾਂ ਪੰਜਾਬ ਵੱਡੀਆਂ ਸਮੱਸਿਆਵਾਂ ਨਾਲ ਘਿਰਿਆ ਹੋ ਸਕਦਾ ਹੈ।