ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਹੁਣ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਾਰੰਟੀ ਵੀ ਮਿਲੇਗੀ।
ਇਸ ਦੌਰਾਨ, ਭਾਜਪਾ ਦੇ ਵਿਰੋਧੀ ਉਮੀਦਵਾਰ ਰਵਨੀਤ ਸਿੰਘ ਬਿੱਟੂ ‘ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ, ਵੜਿੰਗ ਨੇ ਅਫਸੋਸ ਪ੍ਰਗਟਾਇਆ ਕਿ ਬਿੱਟੂ ਨੇ “ਛੋਟੇ ਲਾਭ ਲਈ ਆਪਣੀ ਮਹਾਨ ਸਿਆਸੀ ਵਿਰਾਸਤ ਨੂੰ ਵੇਚ ਦਿੱਤਾ”। ਇੱਥੇ ਜਗਰਾਓਂ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ, “ਚੇਤੇ ਰਹੇ ਕਿ 4 ਜੂਨ ਨੂੰ ਚੋਣ ਨਤੀਜੇ ਐਲਾਨੇ ਜਾਣ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਝਟਕੇ ਵਿੱਚ ਦੇਸ਼ ਭਰ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇਗਾ।”
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ, ਜੋ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਹੈ, ਜਿਸ ‘ਤੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੋਵਾਂ ਨੇ ਵਾਅਦਾ ਤੋੜਿਆ ਹੈ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਦੋਂ ਭਾਜਪਾ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਸਨ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ, ਜਿਸਦੀ ਮੁੱਖ ਮੰਗ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸੀ। ਪਰ ਤਿੰਨ ਸਾਲ ਬਾਅਦ ਵੀ ਕੋਈ ਕਾਨੂੰਨੀ ਗਾਰੰਟੀ ਨਹੀਂ ਮਿਲੀ ਹੈ।
ਇਸੇ ਤਰ੍ਹਾਂ, ‘ਆਪ’ ਲੀਡਰਸ਼ਿਪ ਨੇ ਉਸ ਸਮੇਂ ਵਿਰੋਧੀ ਧਿਰ ‘ਚ ਰਹਿੰਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਾਨੂੰਨੀ ਗਾਰੰਟੀ ਲਈ ਬਿੱਲ ਲਿਆਉਣ ਦੀ ਚੁਣੌਤੀ ਦਿੱਤੀ ਸੀ। ਉਹ ਵੀ ਢਾਈ ਸਾਲਾਂ ਤੋਂ ਪੰਜਾਬ ਦੀ ਸੱਤਾ ‘ਤੇ ਕਾਬਜ਼ ਹਨ ਅਤੇ ਉਨ੍ਹਾਂ ਨੇ ਇਸ ਮੁੱਦੇ ਤੋਂ ਇਹ ਕਹਿ ਕੇ ਦੂਰੀ ਬਣਾ ਲਈ ਹੈ ਕਿ ਇਹ ਕੇਂਦਰ ‘ਤੇ ਨਿਰਭਰ ਕਰਦਾ ਹੈ।
ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ‘ਤੇ ਆਪਣਾ ਹਮਲਾ ਜਾਰੀ ਰੱਖਦੇ ਹੋਏ, ਵੜਿੰਗ ਨੇ ਉਨ੍ਹਾਂ ਨੂੰ “ਸਰਕਾਰੀ ਰਿਹਾਇਸ਼” ਤੋਂ ਬਾਹਰ ਕੱਢਣ ਤੋਂ ਬਾਅਦ ਭਾਜਪਾ ਦੇ ਦਫਤਰ ਵਿੱਚ ਰਹਿਣ ਦਾ ਬਹਾਨਾ ਕਰਨ ਲਈ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਬਿੱਟੂ ਨੂੰ 10 ਸਾਲ ਲੁਧਿਆਣਾ ਦੇ ਸੰਸਦ ਮੈਂਬਰ ਰਹਿਣ ਦੇ ਬਾਵਜੂਦ ਰਾਤ ਕੱਟਣ ਲਈ ਕੋਈ ਘਰ ਨਾ ਮਿਲਣਾ, ਉਨ੍ਹਾਂ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ। ਉਨ੍ਹਾਂ ਨੇ ਬਿੱਟੂ ਨੂੰ ਕਿਹਾ, “ਤੂਸੀਂ ਕਿਸੇ ਵੀ ਦਰਵਾਜ਼ੇ ‘ਤੇ ਦਸਤਕ ਨਹੀਂ ਦੇ ਸਕਦੇ ਸੀ, ਕਿਉਂਕਿ ਤੁਸੀਂ ਸਭ ਤੋਂ ਪੂਰੀ ਤਰ੍ਹਾਂ ਕੱਟੇ ਹੋਏ ਹੋ”। ਜਿਸ ‘ਤੇ ਉਨ੍ਹਾਂ ਕਿਹਾ, ”ਨਹੀਂ ਤਾਂ ਇਹ ਕਿਵੇਂ ਸੰਭਵ ਹੈ ਕਿ ਜੋ ਵਿਅਕਤੀ 10 ਸਾਲਾਂ ਤੋਂ ਇਕ ਜਗ੍ਹਾ ਤੋਂ ਸਾਂਸਦ ਰਿਹਾ ਹੈ, ਉਸਨੂੰ ਇਕ ਰਾਤ ਸੌਣ ਲਈ ਘਰ ਨਾ ਮਿਲੇ”।
ਪੰਜਾਬ ਕਾਂਗਰਸ ਪ੍ਰਧਾਨ ਨੇ ਅਫਸੋਸ ਜ਼ਾਹਿਰ ਕੀਤਾ ਕਿ ਬਿੱਟੂ ਨੇ ਮਰਹੂਮ ਸਰਦਾਰ ਬੇਅੰਤ ਸਿੰਘ ਦੀ ਮਹਾਨ ਅਤੇ ਗੌਰਵਮਈ ਵਿਰਾਸਤ ਨੂੰ ਘਰ ਤੇ ਕੁਝ ਵਾਧੂ ਸੁਰੱਖਿਆ ਕਰਮਚਾਰੀਆਂ ਵਰਗੇ ਛੋਟੇ ਫਾਇਦੇ ਲਈ ਵੇਚ ਦਿੱਤਾ। “ਨਹੀਂ ਤਾਂ ਕਾਂਗਰਸ ਨੇ ਤੁਹਾਨੂੰ ਕੀ ਨਹੀਂ ਦਿੱਤਾ?” ਉਨ੍ਹਾਂ ਬਿੱਟੂ ਨੂੰ ਕਿਹਾ, “ਲੋਕ ਇਹ ਸਵਾਲ ਪੁੱਛ ਰਹੇ ਹਨ ਅਤੇ ਇਹ ਤੁਹਾਨੂੰ ਲੰਬੇ ਸਮੇਂ ਲਈ ਪਰੇਸ਼ਾਨ ਕਰੇਗਾ”।