ਅੰਮ੍ਰਿਤਸਰ ਦੇ ਅਟਾਰੀ ਵਿੱਚ ਭਾਰਤੀ ਕਸਟਮ ਵਿਭਾਗ ਦੇ ਕੇ-9 (ਕੇਨਾਈਨ) ਕੇਂਦਰ ਦੇ ਕੁੱਤੇ ਨਸ਼ਾ ਤਸਕਰੀ ਰੋਕਣ ਵਿੱਚ ਮਦਦ ਕਰ ਰਹੇ ਹਨ। ਇਨ੍ਹਾਂ ਕੁੱਤਿਆਂ ਨੇ ਆਪਣੀ ਸੁੰਘਣ ਸ਼ਕਤੀ ਦੀ ਸਮਰੱਥਾ ਨਾਲ ਨਸ਼ੀਲੇ ਪਦਾਰਥਾਂ ਦੇ 82 ਮਾਮਲਿਆਂ ਦਾ ਪਤਾ ਲਾਉਣ ਵਿੱਚ ਮਦਦ ਕੀਤੀ ਹੈ। ਕੁੱਤਿਆਂ ਨੇ ਹਾਲ ਹੀ ਵਿਚ ਕੋਲਕਾਤਾ ਵਿੱਚ 32 ਕਿਲੋਗ੍ਰਾਮ ਗਾਂਜਾ ਜ਼ਬਤ ਕਰਵਾਉਣ ਵਿੱਚ ਮਦਦ ਕਰ ਕੇ ਇਤਿਹਾਸ ਸਿਰਜਿਆ।
ਕੇਨਾਈਨ ਕੇਂਦਰ 15 ਫਰਵਰੀ 2020 ਨੂੰ ਸਥਾਪਤ ਕੀਤਾ ਗਿਆ ਸੀ। ਕੇਂਦਰੀ ਅਸਿੱਧੇ ਕਰ ਤੇ ਕਸਟਮ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੇ-9 ਸਕੁਐਡ ਅਸਲ ਵਿੱਚ ਦੇਸ਼ ਨੂੰ ਨਸ਼ੀਲੀਆਂ ਦਵਾਈਆਂ ਤੋਂ ਸੁਰੱਖਿਅਤ ਰੱਖ ਰਿਹਾ ਹੈ। ਭਾਰਤੀ ਕਸਟਮ ਵਿਭਾਗ ਨੇ 1984 ਤੋਂ ਕੁੱਤਿਆਂ ਦੀ ਤਾਇਨਾਤੀ ਕੀਤੀ ਹੋਈ ਹੈ।
ਹਾਲਾਂਕਿ, ਵਿਭਾਗ ਨੇ 2020 ਵਿੱਚ ਆਪਣੀਆਂ ਖੇਤਰੀ ਲੋੜਾਂ ਮੁਤਾਬਕ ਕੁੱਤਿਆਂ ਨੂੰ ਸਿਖਲਾਈ ਦੇਣ ਲਈ ਖ਼ੁਦ ਦਾ ਕੇਂਦਰ ਸਥਾਪਤ ਕੀਤਾ ਹੈ। ਅਟਾਰੀ ਦੇ ਕੇ-9 ਕੇਂਦਰ ਦੀ ਇੰਚਾਰਜ ਵੀਨਾ ਰਾਓ ਨੇ ਦੱਸਿਆ ਕਿ ਕੇਂਦਰ ਵਿੱਚ ਜਰਮਨ ਸ਼ੈਫਡ, ਕਾਕਰ ਸਪੈਨੀਅਲ ਅਤੇ ਲੈਬਰਾਡੋਰ ਰੀਟਰੀਵਰ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਜੋ ਜ਼ਿਆਦਾਤਰ ਅਰਧਸੈਨਿਕ ਬਲਾਂ ਦੇ ਕੇਂਦਰਾਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ।