ਜਗਦਲਪੁਰ (ਛੱਤੀਸਗੜ੍ਹ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਧਿਰ ਕਾਂਗਰਸ ’ਤੇ ਵਰ੍ਹਦਿਆਂ ਕਿਹਾ ਕਿ ਉਸ ਨੇ ਆਜ਼ਾਦੀ ਤੋਂ ਬਾਅਦ ਦਹਾਕਿਆਂ ਤਕ ਗ਼ਰੀਬਾਂ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਨ੍ਹਾਂ ਦੇ ਦਰਦ ਨੂੰ ਕਦੇ ਨਹੀਂ ਸਮਝਿਆ।
ਮੋਦੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਭ੍ਰਿਸ਼ਟਾਚਾਰ ਦੇਸ਼ ਦੀ ਪਛਾਣ ਬਣ ਗਿਆ ਸੀ ਪਰ ਉਨ੍ਹਾਂ ਨੇ ਕਾਂਗਰਸ ਦਾ ਲੁੱਟਣ ਦਾ ਲਾਇਸੈਂਸ ਖਤਮ ਕਰ ਦਿਤਾ ਹੈ। ਛੱਤੀਸਗੜ੍ਹ ਦੇ ਬਸਤਰ ਜ਼ਿਲ੍ਹੇ ਦੇ ਛੋਟੇ ਅਮਾਬਲ ਪਿੰਡ ’ਚ ਵਿਜੇ ਸੰਕਲਪ ਸ਼ੰਖਨਾਦ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਾਂਗਰਸ ’ਤੇ ਆਜ਼ਾਦੀ ਤੋਂ ਬਾਅਦ ਦਹਾਕਿਆਂ ਤਕ ਗਰੀਬਾਂ ਦੀਆਂ ਜ਼ਰੂਰਤਾਂ ਅਤੇ ਉਨ੍ਹਾਂ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਤੁਸ਼ਟੀਕਰਨ ਨੂੰ ਲੈ ਕੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਕਾਂਗਰਸ ਦੇ ਚੋਣ ਐਲਾਨਨਾਮੇ ’ਤੇ ਮੁਸਲਿਮ ਲੀਗ ਦੀ ਛਾਪ ਹੈ।
ਉਨ੍ਹਾਂ ਕਿਹਾ, ‘‘ਕਾਂਗਰਸ ਸਰਕਾਰ ਦੌਰਾਨ ਜੇਕਰ ਦਿੱਲੀ ਤੋਂ ਇਕ ਰੁਪਿਆ ਭੇਜਿਆ ਜਾਂਦਾ ਸੀ ਤਾਂ ਪਿੰਡ ’ਚ ਸਿਰਫ 15 ਪੈਸੇ ਹੀ ਪਹੁੰਚਦੇ ਸਨ। ਮੈਂ ਇਹ ਨਹੀਂ ਕਹਿ ਰਿਹਾ, ਕਾਂਗਰਸ ਦੇ ਪ੍ਰਧਾਨ ਮੰਤਰੀ (ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਹਵਾਲਾ ਦਿੰਦੇ ਹੋਏ) ਨੇ ਕਿਹਾ ਸੀ ਕਿ ਜੇ ਅਸੀਂ ਦਿੱਲੀ ਤੋਂ ਇਕ ਰੁਪਿਆ ਭੇਜਦੇ ਹਾਂ ਤਾਂ ਸਿਰਫ 15 ਪੈਸੇ ਆਉਂਦੇ ਹਨ। ਹੇ ਭਾਈ, ਮੈਨੂੰ ਦੱਸੋ ਉਹ ਪੰਜਾ ਕੌਣ ਸੀ ਜੋ 85 ਪੈਸੇ ਮਾਰਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੋਦੀ ਨੇ ਕਾਂਗਰਸ ਦੀ ਲੁੱਟ ਦੀ ਇਸ ਪ੍ਰਣਾਲੀ ਨੂੰ ਬੰਦ ਕਰ ਦਿਤਾ ਹੈ।’’
ਉਨ੍ਹਾਂ ਕਿਹਾ, ‘‘ਮੋਦੀ ਨੇ ਕਾਂਗਰਸ ਦੀ ਲੁੱਟ ਦੀ ਇਸ ਵਿਵਸਥਾ ਨੂੰ ਬੰਦ ਕਰ ਦਿਤਾ ਹੈ। ਭਾਜਪਾ ਸਰਕਾਰ ਨੇ ਅਪਣੇ 10 ਸਾਲਾਂ ਦੇ ਕਾਰਜਕਾਲ ’ਚ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ 34 ਲੱਖ ਕਰੋੜ ਰੁਪਏ ਸਿੱਧੇ ਭੇਜੇ ਹਨ। ਇਕ ਰੁਪਿਆ ਦਿੱਲੀ ਤੋਂ ਭੇਜਿਆ ਗਿਆ ਅਤੇ ਪੂਰੇ 100 ਪੈਸੇ ਗਰੀਬਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਏ ਗਏ। ਇਕ ਰੁਪਿਆ ਭੇਜਣ ’ਤੇ 85 ਪੈਸੇ ਗੁੰਮ ਹੋਣ ਦੀ ਜਾਦੂਈ ਖੇਡ ਰੁਕ ਗਈ ਹੈ।’’
ਮੋਦੀ ਨੇ ਕਿਹਾ ਕਿ ਹੁਣ ਪੈਸਾ ਸਿੱਧਾ ਲੋਕਾਂ ਦੇ ਬੈਂਕ ਖਾਤੇ ’ਚ ਜਾਂਦਾ ਹੈ ਅਤੇ ਕਾਂਗਰਸ ਇਕ ਪੈਸਾ ਵੀ ਨਹੀਂ ਲੁੱਟ ਸਕਦੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ’ਚ ਕਾਂਗਰਸ ਦੀ ਸਰਕਾਰ ਹੁੰਦੀ ਤਾਂ ਗਰੀਬਾਂ ਦੇ 34 ਲੱਖ ਕਰੋੜ ਰੁਪਏ ’ਚੋਂ 28 ਲੱਖ ਕਰੋੜ ਰੁਪਏ ਲੁੱਟੇ ਜਾਂਦੇ। ਉਨ੍ਹਾਂ ਕਿਹਾ, ‘‘ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸੋਚਿਆ ਕਿ ਇਹ ਦੇਸ਼ ਨੂੰ ਲੁੱਟਣ ਦਾ ਲਾਇਸੈਂਸ ਹੈ। 2014 ’ਚ ਸੱਤਾ ’ਚ ਆਉਣ ਤੋਂ ਬਾਅਦ ਮੋਦੀ ਨੇ ਕਾਂਗਰਸ ਦੀ ਲੁੱਟ ਦਾ ਲਾਇਸੈਂਸ ਖਤਮ ਕਰ ਦਿਤਾ।’’ ਛੱਤੀਸਗੜ੍ਹ ਦੀਆਂ 11 ਸੀਟਾਂ ਲਈ ਤਿੰਨ ਪੜਾਵਾਂ ’ਚ 19 ਅਪ੍ਰੈਲ, 26 ਅਪ੍ਰੈਲ ਅਤੇ 7 ਮਈ ਨੂੰ ਵੋਟਾਂ ਪੈਣਗੀਆਂ। ਬਸਤਰ ਅਤੇ ਕਾਂਕੇਰ ’ਚ 19 ਅਪ੍ਰੈਲ ਅਤੇ 26 ਅਪ੍ਰੈਲ ਨੂੰ ਵੋਟਾਂ ਪੈਣਗੀਆਂ।