ਪੰਜਾਬ ‘ਚ ਮੁਹਾਲੀ ਹਵਾਈ ਅੱਡੇ ਨੇੜੇ ਐਕਵਾਇਰ ਕੀਤੀ ਜ਼ਮੀਨ ‘ਚ ਅਮਰੂਦ ਦੇ ਫਰਜ਼ੀ ਬਾਗ ਦਿਖਾ ਕੇ ਲੋਕਾਂ ਨੇ ਕਰੋੜਾਂ ਰੁਪਏ ਹਾਸਲ ਕੀਤੇ ਸਨ। ਇਸ ਮਾਮਲੇ ਵਿਚ ਦੋ ਆਈਏਐਸ ਅਧਿਕਾਰੀਆਂ ਦੀਆਂ ਪਤਨੀਆਂ, ਪ੍ਰਾਪਰਟੀ ਡੀਲਰ, ਕਈ ਸਰਕਾਰੀ ਅਧਿਕਾਰੀ ਮੁਲਜ਼ਮ ਹਨ। ਇਸ ਦੇ ਨਾਲ ਹੀ ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ।
ਹੁਣ ਇਸ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਣ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਅਗੇਂਸਟ ਕਰਪਸ਼ਨ (ਆਈਏਸੀ) ਦੇ ਪ੍ਰਧਾਨ ਸਤਨਾਮ ਸਿੰਘ ਦਾਊਂ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਸਕੱਤਰ ਪੰਜਾਬ ਅਤੇ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਦਖਲ ਦੇਣ ਦੀ ਅਪੀਲ ਵੀ ਕੀਤੀ ਹੈ।
ਵਿਜੀਲੈਂਸ ਬਿਊਰੋ ਤੋਂ ਇਲਾਵਾ ਇਸ ਮਾਮਲੇ ਦੀ ਜਾਂਚ ਈਡੀ ਵੀ ਕਰ ਰਹੀ ਹੈ। ਛੇ ਦਿਨ ਪਹਿਲਾਂ ਈਡੀ ਨੇ ਸੂਬੇ ਦੇ ਦੋ ਆਈਏਐਸ ਅਧਿਕਾਰੀਆਂ ਸਮੇਤ 22 ਥਾਵਾਂ ‘ਤੇ ਛਾਪੇ ਮਾਰੇ ਸਨ। ਇਸ ਦੌਰਾਨ ਈਡੀ ਨੇ 3.89 ਕਰੋੜ ਨਕਦੀ, ਮੋਬਾਈਲ ਅਤੇ ਮਹੱਤਵਪੂਰਨ ਦਸਤਾਵੇਜ਼ ਜ਼ਬਤ ਕੀਤੇ ਹਨ। ਇਸ ਦੇ ਨਾਲ ਹੀ ਇਸ ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਦੇ ਜ਼ਿਆਦਾਤਰ ਮੁਲਜ਼ਮ ਅਜੇ ਵੀ ਜ਼ਮਾਨਤ ‘ਤੇ ਬਾਹਰ ਹਨ। ਹਾਲਾਂਕਿ, ਈਡੀ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਸੀ।