Saturday, August 30, 2025
spot_imgspot_img
Homeपंजाबਪੰਜਾਬ ਦੇ ਵਸਨੀਕਾਂ ਲਈ ਵੱਡਾ ਤੋਹਫ਼ਾ; ਧੂਰੀ ਰੇਲਵੇ ਓਵਰਬ੍ਰਿਜ ਦਾ ਕੰਮ ਜਲਦੀ...

ਪੰਜਾਬ ਦੇ ਵਸਨੀਕਾਂ ਲਈ ਵੱਡਾ ਤੋਹਫ਼ਾ; ਧੂਰੀ ਰੇਲਵੇ ਓਵਰਬ੍ਰਿਜ ਦਾ ਕੰਮ ਜਲਦੀ ਸ਼ੁਰੂ ਹੋਵੇਗਾ: ਮੁੱਖ ਮੰਤਰੀ

ਚੰਡੀਗੜ੍ਹ: ਪੰਜਾਬ ਦੇ ਲੋਕਾਂ ਖਾਸ ਕਰਕੇ ਧੂਰੀ ਦੇ ਵਸਨੀਕਾਂ ਲਈ ਵੱਡਾ ਤੋਹਫ਼ਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਧੂਰੀ ਵਿਖੇ ਦੋ ਮਾਰਗੀ ਰੇਲਵੇ ਓਵਰਬ੍ਰਿਜ (ਆਰ.ਓ.ਬੀ.) ਦਾ ਨਿਰਮਾਣ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੇ ਲਗਾਤਾਰ ਯਤਨਾਂ ਤੋਂ ਬਾਅਦ ਰੇਲਵੇ ਮੰਤਰਾਲੇ ਵੱਲੋਂ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਆਰ.ਓ.ਬੀ. ਲੈਵਲ ਕਰਾਸਿੰਗ (ਫਾਟਕ) ਨੰਬਰ 62ਏ ‘ਤੇ ਬਣਾਇਆ ਜਾਵੇਗਾ ਅਤੇ ਮਾਲਵਾ ਖੇਤਰ ਦੇ ਲੋਕਾਂ, ਖਾਸ ਕਰ ਕੇ ਧੂਰੀ ਹਿੱਸੇ ਦੇ ਵਸਨੀਕਾਂ ਨੂੰ ਦਰਪੇਸ਼ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਇਸ ਪ੍ਰਾਜੈਕਟ ਦੀ ਕੁੱਲ ਲਾਗਤ ₹54.76 ਕਰੋੜ ਹੈ, ਜਿਸ ਦਾ ਪੂਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪ੍ਰਾਜੈਕਟ 18 ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ। ਭਗਵੰਤ ਸਿੰਘ ਮਾਨ ਨੇ ਜ਼ਿਕਰ ਕੀਤਾ ਕਿ ਪ੍ਰਾਜੈਕਟ ਲਈ ਮੁੱਢਲਾ ਕੰਮ 2024 ਵਿੱਚ ਸ਼ੁਰੂ ਹੋਇਆ ਸੀ ਪਰ ਮਾਰਚ 2025 ਵਿੱਚ ਰੇਲਵੇ ਦੀ ਮਨਜ਼ੂਰੀ/ਐਨ.ਓ.ਸੀ. ਕਾਰਨ ਕੰਮ ਵਿੱਚ ਦੇਰੀ ਹੋਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਦੀ ਪੂਰੀ ਸਿਰੜ ਨਾਲ ਪੈਰਵੀ ਕੀਤੀ ਹੈ ਅਤੇ ਰੇਲਵੇ ਅਧਿਕਾਰੀਆਂ ਤੋਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਹੋਣ ਦੇ ਨਾਲ ਪ੍ਰਾਜੈਕਟ ‘ਤੇ ਕੰਮ ਜਲਦੀ ਸ਼ੁਰੂ ਹੋ ਜਾਵੇਗਾ।

ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਦੇ ਦ੍ਰਿੜ੍ਹ ਯਤਨਾਂ ਸਦਕਾ ਪੰਜਾਬ ਬੇਮਿਸਾਲ ਵਿਕਾਸ ਦੇ ਨਵੇਂ ਯੁੱਗ ਦਾ ਗਵਾਹ ਬਣ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਰੰਗਲਾ ਪੰਜਾਬ ਬਣਾਉਣ ਲਈ ਪਹਿਲਾਂ ਹੀ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਹੋਈ ਹੈ ਅਤੇ ਇਹ ਪ੍ਰਾਜੈਕਟ ਇਸੇ ਦਾ ਪ੍ਰਤੀਕ ਹੈ।

RELATED ARTICLES

वीडियो एड

Most Popular