ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਅਮਾਨਤੁੱਲਾ ਖਾਨ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀਰਵਾਰ ਨੂੰ ਕਰੀਬ 13 ਘੰਟੇ ਤਕ ਪੁੱਛਗਿੱਛ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਖਾਨ ਦੀ ਅਗਵਾਈ ਵਾਲੇ ਦਿੱਲੀ ਵਕਫ ਬੋਰਡ ਵਿਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਜਾਂਚ ਕੀਤੀ ਗਈ ਸੀ।
ਉਹ ਸਵੇਰੇ ਕਰੀਬ 11 ਵਜੇ ਇਥੇ ਈਡੀ ਦਫ਼ਤਰ ਪਹੁੰਚੇ ਅਤੇ ਅੱਧੀ ਰਾਤ ਤੋਂ ਬਾਅਦ ਬਾਹਰ ਆਏ। ਈਡੀ ਦੇ ਸੂਤਰਾਂ ਨੇ ਦਸਿਆ ਕਿ ਉਨ੍ਹਾਂ ਨੂੰ 13 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਘਰ ਜਾਣ ਦੀ ਇਜਾਜ਼ਤ ਦਿਤੀ ਗਈ ਹੈ ਅਤੇ ਅਗਲੇ ਹਫ਼ਤੇ ਦੁਬਾਰਾ ਪੇਸ਼ ਹੋਣ ਲਈ ਕਿਹਾ ਗਿਆ ਹੈ। ਈਡੀ ਦਫ਼ਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਉਨ੍ਹਾਂ ਪੱਤਰਕਾਰਾਂ ਦੇ ਸਾਹਮਣੇ ਦਾਅਵਾ ਕੀਤਾ ਕਿ ਜਦੋਂ ਉਹ ਵਕਫ਼ ਬੋਰਡ ਦੇ ਚੇਅਰਮੈਨ ਸਨ ਤਾਂ ਉਨ੍ਹਾਂ ਨੇ ਨਿਯਮਾਂ ਦੀ ਪਾਲਣਾ ਕੀਤੀ ਅਤੇ ਕਾਨੂੰਨੀ ਰਾਏ ਲੈ ਕੇ ਅਤੇ 2013 ਵਿਚ ਆਏ ਨਵੇਂ ਐਕਟ (ਬੋਰਡ ਲਈ) ਅਨੁਸਾਰ ਕਾਰਵਾਈ ਕੀਤੀ।
ਇਸ ਤੋਂ ਪਹਿਲਾਂ ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਟਵੀਟ ਕੀਤਾ, “ਮੋਦੀ ਸਰਕਾਰ ਆਪਰੇਸ਼ਨ ਲੋਟਸ ‘ਚ ਪੂਰੀ ਤਰ੍ਹਾਂ ਲੱਗੀ ਹੋਈ ਹੈ। ਮੰਤਰੀਆਂ ਅਤੇ ਵਿਧਾਇਕਾਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ‘ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਈਡੀ ਵਲੋਂ ਅਮਾਨਤੁੱਲਾ ਖਾਨ ਖਿਲਾਫ ਬੇਬੁਨਿਆਦ ਮਾਮਲਾ ਘੜ ਕੇ ਗ੍ਰਿਫਤਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਤਾਨਾਸ਼ਾਹੀ ਹੈ। ਮੈਂ ਜਲਦੀ ਹੀ ਉਸ ਦੇ ਪਰਿਵਾਰ ਨੂੰ ਮਿਲਣ ਜਾ ਰਿਹਾ ਹਾਂ”।
ਇਸ ਦੌਰਾਨ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਖਾਨ ਦੀ ਗ੍ਰਿਫਤਾਰੀ ਦੀ ਖਬਰ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਖ਼ਾਨ ਖ਼ਿਲਾਫ਼ ਝੂਠਾ ਕੇਸ ਦਰਜ ਹੈ।
ਅਮਾਨਤੁੱਲਾ ਖਾਨ ‘ਤੇ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਵਜੋਂ 32 ਲੋਕਾਂ ਦੀ ਗੈਰ-ਕਾਨੂੰਨੀ ਭਰਤੀ ਕਰਨ ਦਾ ਇਲਜ਼ਾਮ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਵਕਫ਼ ਬੋਰਡ ਦੀਆਂ ਕਈ ਜਾਇਦਾਦਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਕਿਰਾਏ ‘ਤੇ ਦਿਤਾ ਸੀ। ‘ਆਪ’ ਵਿਧਾਇਕ ‘ਤੇ ਦਿੱਲੀ ਵਕਫ਼ ਬੋਰਡ ਦੇ ਫੰਡਾਂ ਦੀ ਦੁਰਵਰਤੋਂ ਕਰਨ ਦਾ ਵੀ ਦੋਸ਼ ਹੈ। ਦਿੱਲੀ ਵਕਫ਼ ਬੋਰਡ ਦੇ ਤਤਕਾਲੀ ਸੀਈਓ ਨੇ ਅਜਿਹੀ ਗ਼ੈਰ-ਕਾਨੂੰਨੀ ਭਰਤੀ ਨੂੰ ਲੈ ਕੇ ਬਿਆਨ ਦਿਤਾ ਸੀ।
ਜਾਂਚ ਦੌਰਾਨ ਅਮਾਨਤੁੱਲਾ ਦੇ ਕਰੀਬੀ ਸਾਥੀਆਂ ਦੇ ਟਿਕਾਣਿਆਂ ਤੋਂ ਨਕਦੀ ਬਰਾਮਦ ਹੋਈ। ਛਾਪੇਮਾਰੀ ਦੌਰਾਨ ਅਮਾਨਤੁੱਲਾ ਦੇ ਕਰੀਬੀ ਰਿਸ਼ਤੇਦਾਰਾਂ ਦੇ ਘਰੋਂ ਇਕ ਡਾਇਰੀ ਵੀ ਮਿਲੀ, ਜਿਸ ਵਿਚ ਅਮਾਨਤੁੱਲਾ ਦੇ ਦੇਸ਼-ਵਿਦੇਸ਼ ਵਿਚ ਕਰੋੜਾਂ ਰੁਪਏ ਦੇ ਲੈਣ-ਦੇਣ ਦਾ ਜ਼ਿਕਰ ਸੀ। 12 ਨਵੰਬਰ ਨੂੰ ਈਡੀ ਨੇ ਦਿੱਲੀ ਵਕਫ ਬੋਰਡ ਮਾਮਲੇ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫਤਾਰ ਮੁਲਜ਼ਮਾਂ ਦੇ ਨਾਂ ਜ਼ੀਸ਼ਾਨ ਹੈਦਰ, ਜਾਵੇਦ ਇਮਾਮ, ਦਾਊਦ ਨਸੀਰ ਹਨ। ਇਹ ਸਾਰੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦੇ ਕਰੀਬੀ ਦੱਸੇ ਜਾਂਦੇ ਹਨ।