Lok Sabha Elections: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁਧਵਾਰ ਨੂੰ ਕਿਹਾ ਕਿ ਉਹ 2014 ’ਚ ਲੋਕਾਂ ’ਚ ਉਮੀਦ, 2019 ’ਚ ਭਰੋਸਾ ਅਤੇ 2024 ’ਚ ਗਾਰੰਟੀ ਲੈ ਕੇ ਆਏ ਹਨ। ਇੱਥੇ ਬੋਰਕੁਡਾ ਮੈਦਾਨ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਦੇਸ਼ ਭਰ ’ਚ ਮੋਦੀ ਦੀ ਗਰੰਟੀ ਹੈ ਅਤੇ ਮੈਂ ਇਨ੍ਹਾਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਗਰੰਟੀ ਦੇ ਰਿਹਾ ਹਾਂ।’’ ਪ੍ਰਧਾਨ ਮੰਤਰੀ ਨੇ ਕਿਹਾ, ‘‘ਉੱਤਰ-ਪੂਰਬ ਮੋਦੀ ਦੀ ਗਰੰਟੀ ਦਾ ਗਵਾਹ ਹੈ ਕਿਉਂਕਿ ਕਾਂਗਰਸ ਨੇ ਸਿਰਫ ਇਸ ਖੇਤਰ ਨੂੰ ਸਮੱਸਿਆਵਾਂ ਦਿਤੀਆਂ ਸਨ ਪਰ ਭਾਜਪਾ ਨੇ ਇਸ ਨੂੰ ਸੰਭਾਵਨਾਵਾਂ ਦਾ ਸਰੋਤ ਬਣਾਇਆ ਹੈ।’’
ਉਨ੍ਹਾਂ ਕਿਹਾ, ‘‘ਕਾਂਗਰਸ ਨੇ ਵਿਦਰੋਹ ਨੂੰ ਉਤਸ਼ਾਹਿਤ ਕੀਤਾ ਪਰ ਮੋਦੀ ਨੇ ਲੋਕਾਂ ਨੂੰ ਗਲੇ ਲਗਾ ਲਿਆ ਅਤੇ ਖੇਤਰ ’ਚ ਸ਼ਾਂਤੀ ਲਿਆਂਦੀ। ਜੋ ਕਾਂਗਰਸ ਦੇ 60 ਸਾਲਾਂ ਦੇ ਸ਼ਾਸਨ ’ਚ ਹਾਸਲ ਨਹੀਂ ਹੋ ਸਕਿਆ, ਉਹ ਮੋਦੀ ਨੇ 10 ਸਾਲਾਂ ’ਚ ਹਾਸਲ ਕਰ ਲਿਆ ਹੈ।’’ ਤ੍ਰਿਪੁਰਾ ’ਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਨੇ ਪੂਰਬ ਨੂੰ ਲੁੱਟਣ ਦੀ ਨੀਤੀ ਅਪਣਾਈ ਹੈ ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਨੂੰ ਬਦਲ ਕੇ ‘ਐਕਟ ਈਸਟ’ ਨੀਤੀ ’ਚ ਬਦਲ ਦਿਤਾ ਹੈ। ਅਗਰਤਲਾ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਤ੍ਰਿਪੁਰਾ ’ਚ ਭਾਜਪਾ ਸਰਕਾਰ ਦੇ ਅਧੀਨ ਬੇਮਿਸਾਲ ਤਬਦੀਲੀਆਂ ਵੇਖੀਆਂ ਗਈਆਂ ਹਨ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਅਗਲੇ ਪੰਜ ਸਾਲਾਂ ਤਕ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਨੂੰ ਮੁਫਤ ਰਾਸ਼ਨ ਦਿਤਾ ਜਾਂਦਾ ਰਹੇਗਾ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਤਹਿਤ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ 5 ਲੱਖ ਰੁਪਏ ਤਕ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ ਤਾਂ ਜੋ ਪਰਵਾਰ ’ਤੇ ਕੋਈ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਐਨ.ਡੀ.ਏ. ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ’ਚ ਵਿਸ਼ਵਾਸ ਰਖਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਹਰ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਉਹ ਲਾਭ ਮਿਲੇ ਜਿਸ ਦੇ ਉਹ ਹੱਕਦਾਰ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭਾਰਤ ’ਚ ਗਰੀਬਾਂ ਲਈ 3 ਕਰੋੜ ਨਵੇਂ ਮਕਾਨ ਬਣਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੇ ਲੋਕਾਂ ਨੂੰ ਇਸ ਨਾਲ ਬਹੁਤ ਫਾਇਦਾ ਹੋਣ ਵਾਲਾ ਹੈ।