ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਲੋਕ ਸਭਾ ਚੋਣਾਂ ਲਈ ਅਪਣੇ ਦੇਸ਼ ਦੇ ਤਿੰਨ ਸੂਬਿਆਂ ’ਚ ਅਪਣੇ 11 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। Punjab BJP Candidates List ਸਨਿਚਰਵਾਰ ਰਾਤ ਨੂੰ ਜਾਰੀ ਸੂਚੀ ’ਚ ਪੰਜਾਬ ਤੋਂ 6 ਉਮੀਦਵਾਰ, ਉੜੀਸਾ ਤੋਂ ਤਿੰਨ ਅਤੇ ਪਛਮੀ ਬੰਗਾਲ ਤੋਂ ਦੋ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।
ਪੰਜਾਬ ’ਚ ਭਾਜਪਾ ਨੇ ਪਾਰਟੀ ਵਿਚ ਨਵੇਂ ਸ਼ਾਮਲ ਹੋਏ ਚਿਹਰਿਆਂ ਨੂੰ ਟਿਕਟ ਦਿਤੀ ਹੈ। ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ, ਜਲੰਧਰ ਐਸ.ਸੀ. ਲਈ ਰਾਖਵੀਂ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਟਿਕਟ ਦਿਤੀ ਗਈ ਹੈ ਜੋ ਪਿਛਲੇ ਦਿਨੀਂ ਹੀ ਭਾਜਪਾ ’ਚ ਸ਼ਾਮਲ ਹੋਏ ਸਨ। ਅੰਮ੍ਰਿਤਸਰ ਤੋਂ ਅਮਰੀਕਾ ’ਚ ਭਾਰਤ ਦੇ ਸਾਬਕਾ ਸਫ਼ੀਰ ਤਰਨਜੀਤ ਸਿੰਘ ਸੰਧੂ ਨੂੰ ਟਿਕਟ ਦਿਤੀ ਗਈ ਹੈ। ਜਦਕਿ ਫਰੀਦਕੋਟ ਐਸ.ਸੀ. ਲਈ ਰਾਖਵੀਂ ਸੀਟ ਤੋਂ ਹੰਸ ਰਾਜ ਹੰਸ ਅਤੇ ਗੁਰਦਾਸਪੁਰ ਤੋਂ ਦਿਨੇਸ਼ ਸਿੰਘ ‘ਬੱਬੂ’ ਨੂੰ ਟਿਕਟ ਮਿਲਿਆ ਹੈ।
ਭਾਜਪਾ ਨੇ ਉਮੀਦਵਾਰਾਂ ਦੀ ਇਹ ਅੱਠਵੀਂ ਸੂਚੀ ਜਾਰੀ ਕੀਤੀ ਹੈ ਅਤੇ ਹੁਣ ਤਕ ਉਹ 411 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕਰ ਚੁਕੀ ਹੈ। ਲੋਕ ਸਭਾ ਚੋਣਾਂ 19 ਅਪ੍ਰੈਲ ਤੋਂ 1 ਜੂਨ ਵਿਚਕਾਰ ਹੋਣਗੀਆਂ।